Punjabi Life stories

Credit:ਹਰਪ੍ਰੀਤ ਸਿੰਘ ਜਵੰਦਾ
Punjabi Life stories

ਸਾਮਣੇ ਖਾਲੀ ਪਲਾਟ ਵਿਚ ਕੋਠੀ ਬਣ ਰਹੀ ਸੀ..
ਮੈਂ ਆਪਣੇ ਗੇਟ ਤੇ ਕੁਰਸੀ ਡਾਹ ਕੇ ਬੈਠਾ ਅਕਸਰ ਦੇਖਦਾ ਕੇ ਮਜਦੂਰਾਂ ਦੇ ਬੱਚੇ ਰੋਜ ਹੀ ਇੱਕ ਦੂਜੇ ਦੀ ਕਮੀਜ ਫੜ ਰੇਲ ਗੱਡੀ ਬਣਾ ਕੇ ਖੇਡਦੇ ਰਹਿੰਦੇ..

ਇੱਕ ਅਗਲੇ ਦੀ ਕਮੀਜ ਪਿੱਛਿਓਂ ਫੜ ਲੈਂਦਾ ਤੇ ਦੂਸਰਾ ਉਸਦੀ ਪਿੱਛੋਂ..ਇੰਝ ਕਦੀ ਕੋਈ ਇੰਜਣ ਬਣ ਜਾਂਦਾ..ਕੋਈ ਵਿਚ ਵਾਲਾ ਡੱਬਾ..ਸਾਰੇ ਰੋਜ ਵਾਰੀਆਂ ਬਦਲਦੇ ਰਹਿੰਦੇ..

ਗੌਰਤਲਬ ਸੀ ਇੱਕ ਨਿੱਕਾ ਜਿਹਾ ਮੁੰਡਾ ਹਮੇਸ਼ਾਂ ਸਭ ਤੋਂ ਪਿਛਲੇ ਪਾਸੇ ਵਾਲਾ "ਡੱਬਾ" ਹੀ ਬਣਦਾ
ਇੱਕ ਦਿਨ ਸੈਨਤ ਮਾਰ ਕੋਲ ਸੱਦ ਲਿਆ..
ਹਰ ਰੋਜ ਰੋਜ ਸਭ ਤੋਂ ਪਿੱਛੇ ਵਾਲਾ ਗਾਰਡ ਬਣਨ ਦਾ ਕਾਰਨ ਪੁੱਛਿਆ..!
ਸੰਗ ਗਿਆ..ਫੇਰ ਆਖਣ ਲੱਗਾ ਜੀ ਮੇਰੇ ਕੋਲ ਗੱਲ ਪਾਉਣ ਨੂੰ ਕੋਈ ਕਮੀਜ ਹੈਨੀਂ..ਜੇ ਇੰਜਣ ਬਣ ਗਿਆ ਤਾਂ ਪਿਛਲਾ ਮੇਰੀ ਕਮੀਜ ਕਿੱਦਾਂ ਫੜੂ..
ਏਨੀ ਗੱਲ ਦੱਸਦਾ ਹੋਇਆ ਉਹ ਰੋਇਆ ਨਹੀਂ..ਨਾ ਹੀ ਜਜਬਾਤੀ ਹੀ ਹੋਇਆ..!

ਪਰ ਜਿਉਣ ਜੋਗਾ ਜਾਂਦਾ ਹੋਇਆ ਮੈਨੂੰ ਜਰੂਰ ਭਾਵੁਕ ਕਰ ਗਿਆ..
ਇੱਕ ਸਬਕ ਸਿਖਾ ਗਿਆ ਕੇ ਹਰੇਕ ਦੀ ਜਿੰਦਗੀ ਵਿਚ ਕੋਈ ਨਾ ਕੋਈ ਕਮੀਂ ਜਰੂਰ ਰਹਿੰਦੀ ਏ..ਸਰਬ ਕਲਾ ਸੰਪੂਰਨ ਕੋਈ ਨੀ ਹੁੰਦਾ..!

ਬੰਦੇ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਆਉਣਾ ਚਾਹੀਦਾ..
ਉਹ ਤਿੰਨ-ਚਾਰ ਸਾਲ ਦਾ ਮਾਸੂਮ ਮਾਂ ਪਿਓ ਅੱਗੇ ਆਕੜ ਵੀ ਸਕਦਾ ਸੀ ਕੇ ਮੈਨੂੰ ਵੀ ਕਮੀਜ ਲੈ ਕੇ ਦਿਓ..ਪਰ ਹਾਲਾਤ ਮੁਤਾਬਿਕ ਸਮਝੌਤਾ ਕਰ ਖੇਡ ਦਾ ਹਿੱਸਾ ਬਣ ਗਿਆ!

ਮੇਰੇ ਸਾਮਣੇ ਪਈ ਅਖਬਾਰ ਵਿਚ ਨਿੱਕੀ ਜਿੰਨੀ ਖਬਰ ਸੀ..

"ਨੌਵੀ ਵਿਚ ਪੜਦੇ ਨੇ ਬੁਲੇਟ ਮੋਟਰਸਾਈਕਲ ਨਾ ਮਿਲਣ ਤੇ ਪਿਓ ਨਾਲ ਲੜ ਗੱਡੀ ਹੇਠ ਸਿਰ ਦੇ ਦਿੱਤਾ"
ਫੇਰ ਓਥੇ ਬੈਠਾ ਸੋਚਦਾ ਰਿਹਾ ਕੇ ਅਸੀ ਨਾ ਸ਼ੁਕਰੇ ਜਿੰਦਗੀ ਨਾਲ ਹਮੇਸ਼ਾ ਸ਼ਿਕਵੇ-ਸ਼ਿਕਾਇਤਾਂ ਕਰਦੇ ਰੋਂਦੇ ਖਪਦੇ ਹੀ ਰਹਿੰਦੇ ਹਾਂ..!
ਕਦੀ ਰੰਗ ਗੋਰਾ ਨੀ..ਕਦੀ ਨੈਣ ਨਕਸ਼ ਸੋਹਣੇ ਨੀ..ਕਦੇ ਕਦ ਛੋਟਾ ਤੇ ਕਦੀ ਢਿਡ੍ਹ ਮੋਟਾ..
ਕਦੀ ਗੁਆਂਢੀ ਵਰਗੀ ਵਧੀਆ ਬਰੈਂਡ ਦੀ ਕਾਰ ਹੈਨੀ..
ਕਦੀ ਗੁਆਂਢਣ ਵਰਗੇ ਗਹਿਣੇ ਹੈਨੀ ਤੇ ਕਦੀ ਆਈਲੈਟਸ ਵਿਚੋਂ ਆਏ ਘੱਟ ਬੈਂਡਸ..
ਕਦੀ ਅੰਗਰੇਜੀ,ਕਦੀ ਬੈੰਕ ਬੈਲੇਂਸ ਤੇ ਕਦੀ ਧੰਦੇ ਅਤੇ ਬੇਰੁਜਗਾਰੀ ਦੀ ਲਹਿਰ..ਤੇ ਕਦੀ ਹੀਣ ਭਾਵਨਾ ਦਾ ਕਹਿਰ..!
ਕਦੀ ਵੀਜਾ ਨੀ ਲੱਗਾ..ਤੇ ਕਦੀ ਮਨਪਸੰਦ ਹਾਣੀ ਨਹੀਂ ਮਿਲਿਆ..ਕਦੀ ਦਾਜ ਵਿਚ ਕਾਰ ਰਹਿ ਗਈ..!
ਕਦੀ ਜੋ ਕੋਲ ਹੈ ਉਹ ਕਿਧਰੇ ਗਵਾਚ ਹੀ ਨਾ ਜਾਵੇ..ਚੋਵੀ ਘੰਟੇ ਬੱਸ ਇਸੇ ਦਾ ਹੀ ਫਿਕਰ..ਤੇ ਕਦੀ ਜੋ ਮਿਲਿਆ ਉਹ ਗਵਾਂਢੀ ਨਾਲੋਂ ਬਹੁਤ ਘੱਟ..ਕਦੀ ਜੋ ਹੁਣ ਮਿਲਿਆ ਉਹ ਚਾਰ ਪੰਝ ਸਾਲ ਪਹਿਲਾਂ ਕਿਓਂ ਨਹੀਂ ਮਿਲਿਆ..!

ਇਸ ਸਾਰੇ ਵਿਚੋਂ ਬਾਹਰ ਆਉਣਾ ਪੈਣਾ..ਜੋ ਹੈ ਓਸੇ ਵਿਚ ਰਹਿਣ ਦੀ ਜੀਵਨ ਜਾਚ ਸਿੱਖਣੀ ਪੈਣੀ..!

ਨਿੱਕੀ ਚਿੜੀ ਤਾਕਤਵਰ ਚੀਲ ਨੂੰ ਉਚੇ ਆਸਮਾਨ ਵਿਚ ਉੱਡਦਿਆਂ ਦੇਖ ਕਦੀ ਡਿਪ੍ਰੈਸ਼ਨ ਵਿਚ ਨਹੀਂ ਗਈ..!

ਕਛੂ ਕੁੰਮਾ ਸਹੇ ਦੀ ਤੇਜ ਰਫਤਾਰ ਤੋਂ ਕਦੀ ਨਹੀਂ ਸੜਿਆ..ਤੇ ਨਾ ਹੀ ਸਹੇ ਨੂੰ ਕੱਛੂ ਦੀ ਲੰਮੀ ਉਮਰ ਤੋਂ ਕਦੀ ਜੈਲਸੀ ਹੋਈ..
ਨਾ ਕਦੀ ਹਿਰਨ ਤੋਤੇ ਮੱਝਾਂ ਗਾਵਾਂ ਨੇ ਕੋਈ ਰਿਟਾਇਰਮੈਂਟ ਪਲਾਨ ਹੀ ਲਿਆ..ਬੱਸ ਰੱਬ ਦੀ ਰਜਾ ਵਿਚ ਹਮੇਸ਼ਾ ਖੁਸ਼..ਹਰੇਕ ਆਪਣੀ ਤੋਰੇ ਤੁਰਿਆ ਰਹਿੰਦਾ ਏ..ਕਦੀ ਕੱਲ ਵਾਸਤੇ ਕਠ੍ਹਾ ਨਹੀਂ ਕੀਤਾ..ਬਸ ਵਿਸ਼ਵਾਸ਼ ਏ..ਟੇਕ ਏ ਕੇ ਕੱਲ ਦਾ ਵੀ ਜੁਗਾੜ ਹੋ ਹੀ ਜਾਣਾ..!

ਬੱਸ ਇਨਸਾਨ ਹੀ ਆਪਣੇ ਕੋਲੋਂ ਅੱਗੇ ਲੰਘਦੇ ਹੋਏ ਨੂੰ ਦੇਖ ਆਪਣੀ ਰਫਤਾਰ ਵਧਾ ਲੈਂਦਾ ਤੇ ਫੇਰ ਭੰਬਲਬੂਸੇ ਵਿਚ ਹੋਏ ਹਾਦਸੇ ਵਿਚ ਸਭ ਕੁਝ ਗਵਾ ਸਾਰੀ ਉਮਰ ਰੋਣੇ ਰੋਂਦਾ ਹੀ ਰਹਿ ਜਾਂਦਾ..!

ਜਨੌਰ ਸਾਨੂੰ ਸਿਖਾਉਂਦੇ ਨੇ ਕੇ ਰੀਸ ਤੋਂ ਬਚੋ ਤੇ ਖੁਸ਼ ਰਹੋ..ਖਾਲੀ ਹੱਥ ਕੱਲੇ ਆਏ ਹਾਂ ਤੇ ਇੱਕ ਦਿਨ ਕੱਲਿਆਂ ਖਾਲੀ ਹੱਥ ਹੀ ਤੁਰ ਜਾਣਾ ਏ..ਕਹਿਣਾ ਸੌਖਾ ਏ ਪਰ ਕਰਨਾ ਔਖਾ ਪਰ ਕਰ ਕੇ ਜਰੂਰ ਦੇਖਿਓ..

ਨਾ ਕਿਸੇ ਨਾਲ ਈਰਖਾ ਤੇ ਨਾ ਹੀ ਕਿਸੇ ਨਾਲ ਮੁਕਾਬਲਾ..ਆਪਣੀ ਤੋਰੇ ਤੁਰ ਕੇ ਵਾਕਿਆ ਹੀ ਕਿੰਨਾ ਅਨੰਦ ਆਉਂਦਾ ਏ ਜਿਊਣ ਦਾ..!
ਦੋਸਤੋ ਮੁੱਕਦੀ ਗੱਲ ਕੇ ਹਾਲਾਤ ਕਦੀ ਮੁਸ਼ਕਿਲ ਨਹੀਂ ਬਣਦੇ..ਸਗੋਂ ਮੁਸ਼ਕਿਲਾਂ ਓਦੋਂ ਪਹਾੜ ਬਣ ਰਾਹ ਡੱਕ ਲੈਂਦੀਆਂ ਜਦੋਂ ਇਨਸਾਨ ਨੂੰ ਹਾਲਾਤਾਂ ਨਾਲ ਨਜਿੱਠਣ ਦਾ ਵਲ ਨਹੀਂ ਆਉਂਦਾ..!

ਨਿਆਣਿਆਂ ਨੂੰ ਸਕੂਲ ਛੱਡਣ ਦੀ ਤਿਆਰੀ ਕਰਦੇ ਪਿਓ ਨੇ ਸਕੂਟਰ ਨੂੰ ਕਿੱਕ ਮਾਰੀ..ਸਟਾਰਟ ਨਾ ਹੋਇਆ..ਫੇਰ ਪੈਟਰੋਲ ਵਾਲੀ ਟੰਕੀ ਦਾ ਢੱਕਣ ਖੋਲਿਆ..ਅੰਦਰ ਝਾਤੀ ਮਾਰੀ..ਫੇਰ ਢੱਕਣ ਬੰਦ ਕੀਤਾ..ਸਕੂਟਰ ਫੇਰ ਟੇਢਾ ਕੀਤਾ..ਇੱਕ ਵਾਰ ਫੇਰ ਕਿੱਕ ਮਾਰੀ..ਸਕੂਟਰ ਅਜੇ ਵੀ ਸਟਾਰਟ ਨਹੀਂ ਹੋਇਆ..!

ਨਿਆਣੇ ਸਮਝ ਗਏ ਕੇ ਪਿਓ ਕੀ ਆਖਣਾ ਚਾਹੁੰਦਾ..ਫੇਰ ਅਗਲੇ ਪਲ ਹੀ ਏਨਾ ਆਖਦੇ ਹੋਏ ਸਕੂਲ ਵੱਲ ਨੂੰ ਹੋ ਤੁਰੇ ਕੇ ਕੋਈ ਨੀ ਡੈਡੀ ਅੱਜ ਪੈਦਲ ਹੀ ਚਲੇ ਜਾਂਦੇ ਹਾਂ!

 


Views: 468