Punjabi stories

Credit:ਹਰਪ੍ਰੀਤ ਸਿੰਘ ਜਵੰਦਾ
Punjabi stories

ਲੰਮੇ ਦਾਹੜੇ ਵਾਲੇ ਅੰਕਲ ਜੀ ਦੀ ਜਰਨੈਲੀ ਸੜਕ ਤੇ ਬਣੇ ਅੰਗਰੇਜਾਂ ਵੇਲੇ ਦੇ ਵੱਡੇ ਪੁਲ ਕੋਲੋਂ ਨਿੱਕਲਦੀਆਂ ਦੋ ਲਿੰਕ ਸੜਕਾਂ ਦੇ ਐਨ ਵਿਚਕਾਰ ਸਕੂਟਰ ਰਿਪੇਅਰ ਦੀ ਦੁਕਾਨ ਹੋਇਆ ਕਰਦੀ ਸੀ..!

ਪੈਂਚਰ ਲਾਉਂਦੇ ਵੀ ਸਿਮਰਨ ਕਰਦੇ ਰਹਿੰਦੇ ਤੇ ਹਮੇਸ਼ਾਂ ਵਗਦੀ ਨਹਿਰ ਵੱਲ ਨੂੰ ਬਿੜਕ ਰੱਖਦੇ..
ਜਿੰਦਗੀ ਤੋਂ ਅੱਕ ਚੁੱਕੇ ਕਈ ਨਿਰਾਸ਼ ਪ੍ਰਾਣੀ ਜਦੋਂ ਪਾਣੀ ਕੰਢੇ ਬੈਠ ਸੋਚਾਂ ਦੀ ਘੁੰਮਣ ਘੇਰੀ ਵਿਚ ਪਏ ਜਿੰਦਗੀ ਮੌਤ ਦੀ ਕਸ਼ਮਕਸ਼ ਵਿਚ ਜੂਝ ਰਹੇ ਹੁੰਦੇ ਤਾਂ ਓਹਨਾ ਅੰਕਲ ਜੀ ਨੂੰ ਝੱਟ ਸੁੱਝ ਜਾਇਆ ਕਰਦੀ..!

ਸਾਰੇ ਕੰਮ ਛੱਡ ਅਛੋਪਲੇ ਜਿਹੇ ਜਾ ਉਸਨੂੰ ਪਿੱਛਿਓਂ ਗਲਵੱਕੜੀ ਵਿਚ ਲੈ ਲਿਆ ਕਰਦੇ..
ਫੇਰ ਹਮਦਰਦੀ ਦਾ ਐਸਾ ਦਰਿਆ ਵਗਦਾ ਕੇ ਅਗਲਾਂ ਮਰਨ ਮਾਰਨ ਦੀ ਸੌਦੇਬਾਜੀ ਕਰਦਾ ਹੋਇਆ ਵੀ ਪੈਰਾਂ ਸਿਰ ਖੜੋ ਜਾਇਆ ਕਰਦਾ..!
ਫੌਜ ਵਿਚੋਂ ਪੈਨਸ਼ਨ ਆਏ ਕਿਸੇ ਵੇਲੇ ਨੌਕਰੀ ਦੇ ਦੌਰਾਨ ਚੋਟੀ ਦੇ ਤੈਰਾਕ ਹੋਇਆ ਕਰਦੇ ਸਨ..
ਅਗਲੇ ਨੇ ਭਾਵੇਂ ਜਿੰਨੇ ਮਰਜੀ ਡੂੰਘੇ ਪਾਣੀ ਛਾਲ ਮਾਰੀ ਹੋਵੇ..ਮਿੰਟਾਂ-ਸਕਿੰਟਾਂ ਵਿਚ ਹੀ ਓਹਨਾ ਅੰਦਰਲਾ ਫੌਜੀ ਜਾਗ ਉੱਠਦਾ ਅਤੇ ਫੇਰ ਫੌਲਾਦੀ ਬਾਹਵਾਂ ਨਾਲ ਸ਼ੂਕਦੀਆਂ ਲਹਿਰਾਂ ਨੂੰ ਚੀਰਦੇ ਹੋਏ ਮੌਤ ਨੂੰ ਗਲ਼ ਲਾਉਣ ਦੀ ਤਿਆਰੀ ਕਰਦੇ ਨੂੰ ਕੰਢੇ ਤੇ ਖਿੱਚ ਲਿਆਂਉਂਦੇ..!

ਕਈਆਂ ਪਿਆਰ ਵਿਚ ਧੋਖੇ ਖਾਦੇ ਹੁੰਦੇ..
ਕੋਈ ਘਰੇਲੂ ਕਲੇਸ਼ ਦਾ ਮਾਰਿਆ ਹੁੰਦਾ..ਕੋਈ ਗੁਰਬਤ ਤੋਂ ਆਤਰ ਹੋਇਆ ਮੌਤ ਦੀ ਬੁੱਕਲ ਵਿਚ ਸਦੀਵੀਂ ਨੀਂਦ ਸੌਣਾ ਲੋਚਦਾ..
ਕੋਈ ਨਾਮੁਰਾਦ ਬਿਮਾਰੀ ਤੋਂ ਪੀੜਤ ਹੁੰਦਾ..ਅਤੇ ਕੋਈ ਖੁਦ ਨੂੰ ਰੋਜਗਾਰ ਪੱਖੋਂ ਹੱਦੋਂ ਵੱਧ ਬਦਕਿਸਮਤ ਸਮਝਦਾ..!

ਪਰ ਅੰਕਲ ਜੀ ਪਤਾ ਨਹੀਂ ਕਿੰਨਿਆਂ ਦੀ ਜਾਨ ਬਚਾ ਚੁਕੇ ਸਨ..!

ਅਕਸਰ ਵੇਖਿਆ ਗਿਆ ਕੇ ਕੰਢੇ ਤੇ ਖਿੱਚ ਲਿਆਂਦਾ ਸਭ ਤੋਂ ਪਹਿਲਾਂ ਓਹਨਾ ਨੂੰ ਆਖਦਾ "ਮੈਨੂੰ ਬਚਾਇਆ ਕਾਹਨੂੰ ਏ..ਮਰ ਜਾਣ ਦਿੰਦੇ ਮੈਨੂੰ"

ਫੇਰ ਉਹ ਫੁੱਟ-ਫੁੱਟ ਕੇ ਰੋ ਪਿਆ ਕਰਦਾ..ਤੇ ਅਖੀਰ ਆਪਣਾ ਦੁੱਖ-ਦਰਦ ਓਹਨਾ ਸਾਹਵੇਂ ਫਰੋਲ ਮਾਰਦਾ..!

ਅੰਕਲ ਜੀ ਨੂੰ ਜਦੋਂ ਲੱਗਦਾ ਕੇ ਹੁਣ ਉਸਦੇ ਮਨ ਦਾ ਭਾਰ ਥੋੜਾ ਹੌਲਾ ਜਿਹਾ ਹੋ ਗਿਆ ਏ ਤਾਂ ਫੇਰ ਜੱਫੀ ਵਿਚ ਲੈ ਕੇ ਗੁਰਬਾਣੀ ਦੇ ਹਵਾਲੇ ਦਿੰਦੇ ਹੋਏ ਉਸਨੂੰ ਜਿੰਦਗੀ ਜਿਊਣ ਦਾ ਮੰਤਵ ਸਮਝਾਉਂਦੇ ਰਹਿੰਦੇ..
ਫੇਰ ਅਕਾਲ ਪੁਰਖ ਵੱਲੋਂ ਰਚਿਆ ਦੁਖਾਂ ਸੁਖਾਂ ਦਾ ਅਜਬ ਜਿਹਾ ਚੱਕਰ ਵਿਊ ਉਸਦੇ ਦਿਮਾਗ ਵਿਚ ਪਾ ਕੇ ਹੀ ਹਟਦੇ!
ਅਖੀਰ ਥੋੜੀ ਦੇਰ ਮਗਰੋਂ ਅਗਲੇ ਦਾ ਪਰਿਵਾਰ ਅੱਪੜ ਜਾਇਆ ਕਰਦਾ ਤੇ ਅਗਲਾ ਹੱਸਦਾ ਹੋਇਆ ਆਪਣੇ ਰਾਹ ਪੈਂਦਾ..!

ਕਈ ਵਾਰ ਲੱਗਦਾ ਕੇ ਸਾਈਕਲ ਸਕੂਟਰ ਰਿਪੇਅਰ ਤਾਂ ਇੱਕ ਬਹਾਨਾ ਹੀ ਏ..ਉੱਪਰ ਵਾਲੇ ਨੇ ਓਹਨਾ ਦੀ ਅਸਲ ਸੇਵਾ ਤਾਂ ਸ਼ਾਇਦ ਦੀਨ ਦੁਖੀਆਂ ਦੀ ਮਦਤ ਕਰਨ ਵਾਲੀ ਹੀ ਲਾਈ ਸੀ!
ਉਸ ਦਿਨ ਵੀ ਸ਼ਹਿਰ ਵਾਲੇ ਪਾਸਿਓਂ ਆਏ ਇੱਕ ਨੌਜੁਆਨ ਨੇ ਝੱਟ ਦੇਣੀ ਪਾਣੀ ਵਿਚ ਛਲਾਂਗ ਮਾਰ ਦਿੱਤੀ..ਕੁਦਰਤੀ ਅੰਕਲ ਅਜੇ ਓਥੇ ਅੱਪੜੇ ਹੀ ਸਨ..ਝੱਟ ਚੁੱਬੀ ਮਾਰ ਬਾਹਰ ਕੱਢ ਲਿਆਏ..!
ਪੰਝੀਆ ਛੱਬੀਆਂ ਨੂੰ ਢੁਕਿਆ ਹੋਸ਼ ਵਿਚ ਆਇਆ ਤਾਂ ਹੈਰਾਨ ਹੋ ਗਿਆ..
ਆਖਣ ਲੱਗਾ ਅੰਕਲ ਜੀ ਤੁਸੀਂ ਤਾਂ ਜਸਮੀਤ ਦੇ ਡੈਡੀ ਹੋ ਨਾ..ਓਹੀ ਜਸਮੀਤ ਜਿਹੜਾ ਕੁਝ ਸਾਲ ਪਹਿਲਾਂ ਘੱਟ ਨੰਬਰ ਆਉਣ ਤੇ ਸਰਹਿੰਦ ਵਾਲੀ ਨਹਿਰ ਵਿਚ..!

ਇਸ ਮਗਰੋਂ ਮੌਕੇ ਦੇ ਹਾਲਾਤ ਇੱਕਦਮ ਮੋੜਾ ਖਾ ਗਏ..

ਅੱਜ ਪਹਿਲੀ ਵਾਰ ਇੰਝ ਹੋਇਆ ਕੇ ਮੌਤ ਦੀ ਮੂੰਹ ਵਿਚੋਂ ਬਚ ਕੇ ਆਇਆ ਖੁਦ ਦੀ ਜਾਨ ਬਚਾਉਣ ਵਾਲੇ ਨੂੰ ਆਪਣੀ ਗੱਲਵੱਕੜੀ ਵਿਚ ਲੈ ਕੇ ਹੋਂਸਲਾ ਦੇ ਰਿਹਾ ਸੀ ਅਤੇ ਬਚਾਉਣ ਵਾਲੇ ਦੇ ਹੰਜੂ ਥੰਮਣ ਦਾ ਨਾਮ ਨਹੀਂ ਸਨ ਲੈ ਰਹੇ..!

ਸ਼ਾਇਦ ਦਿਲ ਤੇ ਵੱਜੀ ਕਿਸੇ ਪੂਰਾਣੀ ਸੱਟ ਤੇ ਮਸੀਂ ਮਸੀਂ ਹੀ ਆਇਆ ਪਤਲਾ ਜਿਹਾ ਖਰੀਂਡ ਅੱਜ ਕਿਸੇ ਪੱਥਰ ਨਾਲ ਮਮੂਲੀ ਜਿਹਾ ਖਹਿ ਕੇ ਪੂਰੀ ਤਰਾਂ ਲੱਥ ਗਿਆ ਸੀ ਅਤੇ ਵਜੂਦ ਅੰਦਰ ਕਦੇ ਦਾ ਡੱਕਿਆ ਹੋਇਆ ਮਣਾਂ ਮੂਹੀਂ ਦਰਦ ਤਾਜੇ ਬਣੇ ਲਾਂਹਗੇ ਥਾਣੀ ਲਹੂ ਬਣ ਆਪ ਮੁਹਾਰੇ ਹੀ ਵਹਿ ਤੁਰਿਆ ਸੀ!


Views: 497