Punjabi Story About Love

Credit:ਹਰਪ੍ਰੀਤ ਸਿੰਘ ਜਵੰਦਾ

ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਡਰਾਈਵਰ ਦੇ ਐਨ ਬਰੋਬਰ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਛੇਤੀ ਨਾਲ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ!

ਕੰਡਕਟਰ ਗੁੱਸੇ ਜਿਹੇ ਨਾਲ ਆਖਣ ਲੱਗਾ ਕੇ ਬਾਬਿਓ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ!

ਅੱਗੋਂ ਬੋਲੇ ਕੇ ਪੁੱਤਰਾ ਟਿਕਟਾਂ ਮੇਰੀਆਂ ਭਾਵੇਂ ਦੋ ਕਟਦੇ ਪਰ ਇਹ ਗਠੜੀ ਬਾਰੀ ਵਾਲੇ ਪਾਸੇ ਸੀਟ ਦੇ ਐਨ ਉੱਤੇ ਮੇਰੇ ਬਰਾਬਰ ਹੀ ਰਹੂ!

ਹੈਰਾਨ ਜਿਹਾ ਹੁੰਦਾ ਉਹ ਦੋ ਟਿਕਟਾਂ ਕੱਟ ਅਗਾਂਹ ਨੂੰ ਤੁਰ ਪਿਆ..!

ਪਰ ਬਾਕੀ ਦੀਆਂ ਟਿਕਟਾਂ ਕੱਟਦੇ ਹੋਏ ਦਾ ਸਾਰਾ ਧਿਆਨ ਬਾਪੂ ਦੇ ਨਾਲ ਰੱਖੀ ਗਠੜੀ ਵੱਲ ਹੀ ਕੇਂਦਰਿਤ ਰਿਹਾ!
ਘੰਟੇ ਕੂ ਬਾਅਦ ਵਿਹਲਾ ਹੋ ਕੇ ਮੁੜ ਕੋਲ ਆ ਗਿਆ ਤੇ ਪੁੱਛਣ ਲੱਗਾ ਕੇ ਬਾਪੂ ਜੀ ਇੱਕ ਗੱਲ ਤੇ ਦੱਸ..ਇਸ ਗਠੜੀ ਵਿਚ ਐਸਾ ਕੀ ਹੈ ਕੇ ਜੋ ਤੂੰ ਇਸਦੀ ਵੀ ਟਿਕਟ ਕਟਵਾਈ?

ਬਾਪੂ ਜੀ ਗਠੜੀ ਆਪਣੇ ਵੱਲ ਖਿੱਚਦਾ ਹੋਇਆ ਆਖਣ ਲੱਗਾ ਕੇ ਪੁੱਤ ਇਸ ਵਿਚ ਮੇਰੀ ਨਾਲਦੀ "ਪਿਆਰ ਕੌਰ" ਦੀਆਂ ਅਸਥੀਆਂ ਨੇ..ਦੋਨੋਂ ਬੇਔਲਾਦੇ ਸਾਂ..ਪਰ ਰੈ ਵਾਹਵਾ ਰਲਦੀ ਸੀ ਇੱਕ-ਦੂਜੇ ਨਾਲ..ਹਮੇਸ਼ਾਂ ਇੱਕ ਗੱਲੋਂ ਡਰਦੇ ਹੁੰਦੇ ਸਾਂ ਕੇ ਜੇ ਕਿਤੇ ਦੋਹਾਂ ਚੋਂ ਇੱਕ ਪਹਿਲਾਂ ਤੁਰ ਗਿਆ ਤਾਂ ਦੂਜੇ ਕੱਲੇ ਰਹਿ ਗਏ ਦਾ ਮਗਰੋਂ ਕੀ ਬਣੂ?
ਸੋ ਇੱਕ ਦਿਨ ਅਸਾਂ ਦੋਹਾਂ ਨੇ ਰਲ ਕੇ ਇੱਕ ਮਤਾ ਪਕਾਇਆ ਕੇ ਜਿਹੜਾ ਵੀ ਮਗਰ ਰਹਿ ਜਾਊ ਉਹ ਪਹਿਲਾਂ ਤੁਰ ਗਏ ਨੂੰ ਰਹਿੰਦੇ ਸਾਹਵਾਂ ਤੀਕ ਆਪਣੇ ਨਾਲ ਰੱਖੂ..ਸੋ ਪੁੱਤ ਪਿਛਲੇ ਵਰੇ ਚੜਦੇ ਸਿਆਲ ਪਿਆਰ ਕੌਰ ਫਤਹਿ ਬੁਲਾ ਗਈ ਤੇ ਮੈਂ ਬੱਸ ਹੁਣ ਤੱਕ ਵੀ ਉਂਦੇ ਨਾਲ ਕੀਤੇ "ਕੌਲ ਕਰਾਰ" ਨਿਭਾਹ ਰਿਹਾ ਹਾਂ..

ਗੱਲਾਂ ਕਰਦੇ ਕਰਦੇ ਬਾਬਾ ਜੀ ਨੂੰ ਨੀਂਦ ਆਉਣ ਲੱਗੀ ਤੇ ਉਹ ਨੀਂਦ ਦੀ ਝੋਕ ਲੈਂਦੇ ਹੋਏ ਗਠੜੀ ਵੱਲ ਨੂੰ ਉੱਲਰ ਗਏ..!

"ਸੋਂ ਜਾਓ ਬਾਬਾ ਜੀ..ਬਾਕੀ ਗੱਲ ਸੁਵੇਰੇ ਅੱਡੇ ਤੇ ਅੱਪੜ ਕੇ ਕਰਾਂਗੇ..ਏਨੀ ਗੱਲ ਆਖ ਉਹ ਡਰਾਈਵਰ ਵਾਲੀ ਸੀਟ ਵੱਲ ਨੂੰ ਹੋ ਗਿਆ!

ਤੜਕੇ ਮੂੰਹ ਹਨੇਰੇ ਬੱਸ ਗੰਗਾਨਗਰ ਅੱਡੇ ਤੇ ਜਾ ਲੱਗੀ..
ਸਭ ਸਵਾਰੀਆਂ ਆਪੋ ਆਪਣਾ ਸਮਾਂਨ ਲੈ ਹੇਠਾਂ ਉੱਤਰ ਗਈਆਂ!
ਪਰ ਦੋ ਟਿਕਟਾਂ ਵਾਲੇ ਬਾਬਾ ਜੀ ਅਜੇ ਵੀ ਆਪਣਾ ਸਿਰ ਗਠੜੀ ਤੇ ਰੱਖੀ ਹੋਏ ਗੂੜੀ ਨੀਂਦਰ ਸੁੱਤੇ ਪਏ ਸਨ..!

ਕੰਡਕਟਰ ਕੋਲ ਆਇਆ ਤੇ ਆਖਣ ਲੱਗਾ ਕੇ "ਬਾਬਾ ਜੀ ਉਠੋਂ ਹੁਣ ਅੱਖਾਂ ਖੋਲੋ..ਗੰਗਾਨਗਰ ਆ ਗਿਆ..ਆਜੋ ਤੁਹਾਨੂੰ ਇਥੋਂ ਦੀ ਮਸ਼ਹੂਰ ਚਾਹ ਪਿਆਈਏ ਤੇ ਨਾਲੇ ਤੁਹਾਥੋਂ ਅਜੇ ਤੁਹਾਡੀ ਬਾਕੀ ਦੀ ਕਹਾਣੀ ਵੀ ਸੁਣਨੀ ਏ"!

ਇੱਕ ਵਾਜ..ਦੋ ਵਾਜਾਂ..ਤਿੰਨ ਵਾਜਾਂ..ਮਗਰੋਂ ਕੰਡਕਟਰ ਵੱਲੋਂ ਦਿੱਤੇ ਮਾੜੇ ਜਿਹੇ ਹਲੂਣੇ ਨਾਲ ਹੀ ਬਾਬਾ ਜੀ ਦੇ ਹੱਥੋਂ ਫੜੀ ਹੋਈ ਸੋਟੀ ਭੁੰਜੇ ਜਾ ਡਿੱਗੀ ਤੇ ਬਾਬਾ ਜੀ "ਪਿਆਰ ਕੌਰ" ਦੀ ਨਾਲ ਪਈ ਗਠੜੀ ਤੇ ਪੂਰੀ ਤਰਾਂ ਉੱਲਰ ਗਏ..

ਕੰਡਕਟਰ ਨੇ ਪੈਸਿਆਂ ਵਾਲਾ ਝੋਲਾ ਪਾਸੇ ਰਖਿਆ ਤੇ ਛੇਤੀ ਨਾਲ ਨਬਜ ਵੇਖਣ ਵਿਚ ਰੁਝ ਗਿਆ ਪਰ ਭਾਣਾ ਵਰਤ ਚੁਕਾ ਸੀ ਤੇ ਬਾਬਾ ਜੀ ਆਪਣੀ ਪੂਰੀ ਕਹਾਣੀ ਸੁਣਾਏ ਬਗੈਰ ਹੀ ਪਿਆਰ ਕੌਰ ਨਾਲ ਕੀਤਾ ਆਪਣਾ ਵਾਅਦਾ ਤੋੜ ਨਿਭਾ ਗਏ ਸਨ!

ਕੁਝ ਘੰਟਿਆਂ ਬਾਅਦ ਅਥਰੂ ਪੂੰਝਦਾ ਹੋਇਆ ਉਹ ਕੰਡਕਟਰ ਮ੍ਰਿਤਕ ਦੇਹ ਲੈਣ ਆਏ ਰੈਡ-ਕਰਾਸ ਵਾਲਿਆਂ ਨੂੰ ਓਹੀ ਗਠੜੀ ਫੜਾਉਂਦਾ ਹੋਇਆ ਪੱਕੀ ਕਰ ਰਿਹਾ ਸੀ ਕੇ ਭਰਾਵੋ ਸੰਸਕਾਰ ਵੇਲੇ ਦੇਹ ਤੇ ਇਹ ਗਠੜੀ ਰੱਖਣਾ ਕਦੀ ਨਾ ਭੁਲਿਓਂ ਨਹੀਂ ਤਾਂ ਬਾਬਾ ਜੀ ਵੇਲੇ ਕੁਵੇਲੇ ਆ ਕੇ ਮੈਨੂੰ ਇਹ ਸੁਆਲ ਜਰੂਰ ਪੁੱਛਿਆ ਕਰਨਗੇ ਕੇ ਜਵਾਨਾਂ ਜੇ ਮੇਰਾ ਇਹ ਨਿੱਕਾ ਜਿਹਾ ਕੰਮ ਵੀ ਨਹੀਂ ਸੀ ਕਰਨਾ ਤਾਂ ਫੇਰ ਉਸ ਦਿਨ ਮੇਰੀਆਂ ਦੋ ਟਿਕਟਾਂ ਕਿਓਂ ਕੱਟੀਆਂ ਸਨ..!

 


Views: 467