ਅੱਜ ਦਾ ਵਿਸ਼ਾ - ਚੁੱਪ

Credit: unknown
Silence

ਚੁੱਪ ਕਈ ਤਰਾਂ ਦੀ ਹੁੰਦੀ ਹੈ। ਕਈ ਚੁੱਪ ਰਹਿਣਾ ਪਸੰਦ ਕਰਦੇ ਨੇ, ਕਈ ਚੁੱਪ ਹੋ ਜਾਂਦੇ ਨੇ, ਕਈਆਂ ਨੂੰ ਚੁੱਪ ਕਰਾ ਦਿੱਤਾ ਜਾਦਾਂ ਤੇ ਕਈਆਂ ਨੂੰ ਚੁੱਪ ਕਰਾਉਣਾ ਪੈਂਦਾ। ਚੁੱਪ ਚ ਕਦੇ ਬਹੁਤ ਸ਼ਾਂਤੀ, ਸਹਿਜਤਾ ਤੇ ਸਿਆਣਪ ਝਲਕਦੀ ਆ ਤੇ ਕਦੇ ਡਰ, ਦਰਦ ਤੇ ਕਮਜ਼ੋਰੀ। ਇਹਨਾ ਸਾਰੀਆਂ ਚੁੱਪਾਂ ਤੋਂ ਬਿਨਾ ਇਕ ਹੋਰ ਵੀ ਚੁੱਪ ਹੁੰਦੀ ਹੈ , ਥਕਾਵਟ ਵਾਲੀ ਚੁੱਪ। ਜਦੋਂ ਇਨਸਾਨ ਖ਼ੁਦ ਦੇ ਜ਼ਜਬਾਤਾਂ ਦੀ ਵਿਆਖਿਆ ਕਰਦਾ ਕਰਦਾ ਥੱਕ ਜਾਂਦਾ ਤਾਂ ਚੁੱਪ ਹੋ ਜਾਂਦਾ। ਅੰਗਰੇਜ਼ੀ ਚ ਕਹਾਂ ਤਾਂ "I cannot explain myself" ਵਾਲੀ ਚੁੱਪ। ਬਚਪਨ ਤੋਂ ਸੁਣਦੇ ਆਏ ਆਂ "ਇਕ ਚੁੱਪ ਸੌ ਸੁੱਖ" ਪਰ ਇਹ ਮੁਹਾਵਰਾ ਹਰ ਥਾਂ ਲਾਗੂ ਨਈ ਹੁੰਦਾ। ਕਈ ਵਾਰ ਚੁੱਪ ਬਹੁਤ ਕਲੇਸ਼ ਦਾ ਕਾਰਨ ਵੀ ਬਣ ਸਕਦੀ ਹੈ ਤੇ ਘਾਤਕ ਵੀ ਸਿੱਧ ਹੋ ਸਕਦੀ ਹੈ। ਜੇ ਚੁੱਪ ਰਹਿਣ ਨਾਲ ਹੀ ਹਰ ਮਸਲਾ ਹੱਲ ਹੋ ਜਾਂਦਾ ਤਾਂ ਜ਼ੁਬਾਨ ਦੀ ਲੋੜ ਹੀ ਕੀ ਸੀ। ਵੈਸੇ ਦੁਨੀਆ ਦੇ ਸਭ ਤੋਂ ਵੱਧ ਪੁਆੜੇ ਜ਼ੁਬਾਨ ਹੀ ਪੁਆਉਦੀ ਆ ਤੇ ਭੁਗਤਣਾ ਵਿਚਾਰੀ ਚੁੱਪ ਨੂੰ ਪੈਂਦਾ। ਹਰ ਸੰਵੇਦਨਸ਼ੀਲ ਇਨਸਾਨ ਔਰਤ ਹੋਵੇ ਜਾਂ ਮਰਦ ਕਦੇ ਨਾ ਕਦੇ ਚੁੱਪ ਦਾ ਸ਼ਿਕਾਰ ਹੋ ਜਾਂਦਾ ਏ। ਮੇਰੀ ਇਸ ਗੱਲ ਨਾਲ ਸ਼ਾਇਦ ਬਹੁਤੇ ਲੋਕ ਸਹਿਮਤ ਨਾ ਹੋਣ ਪਰ ਵੱਡੇ ਰੂਪ ਚ ਚੁੱਪ ਦੋ ਤਬਕਿਆਂ ਦੇ ਹਿੱਸੇ ਚ ਵੱਧ ਆਈ ਏ, ਔਰਤ ਤੇ ਬੱਚੇ। ਗਰੀਬ ਸ਼ਬਦ ਵੀ ਜੇ ਮੈਂ ਨਾਲ ਜੋੜ ਦੇਵਾਂ ਤਾਂ ਅਤਕਥਨੀ ਨਹੀਂ ਹੋਵੇਗੀ। ਮੈਂ ਆਪਣੇ ਆਲੇ ਦੁਆਲੇ ਹੀ ਵੇਖਿਆ ਜਦੋਂ ਬੱਚਾ ਨਿੱਕਾ ਹੁੰਦਾ ਹਜੇ ਬੋਲਣਾ ਸਿੱਖਦਾ ਈ ਆ ਤਾਂ ਸਾਰਾ ਟੱਬਰ ਬੜੇ ਪਿਆਰ ਨਾਲ ਸੁਣਦਾ। ਬੱਚੇ ਨੂੰ ਦੁਹਰਾ ਦੁਹਰਾ ਪੁੱਛਣਗੇ "ਫਿਰ ਕਹੀਂ ਕਾਕੇ"।ਜਦੋਂ ਨਿਆਣਾ 8 ਕੁ ਸਾਲ ਦਾ ਹੋ ਜਾਂਦਾ ਤਾਂ ਸਾਰੇ ਹੀ ਕਹਿਣਾ ਸ਼ੁਰੂ ਹੋ ਜਾਂਦੇ ਆ "ਤੂੰ ਚੁੱਪ ਕਰ"। ਔਰਤ ਦੀ ਹਾਲਤ ਪਰ ਇਸ ਤੋਂ ਵੱਖਰੀ ਆ, ਉਹ ਕਦੇ ਸਿਆਣਪ ਨਾਲ ਚੁੱਪ ਹੋ ਜਾਂਦੀ ਆ ਤੇ ਕਦੇ ਡਰ ਨਾਲ। ਚੁੱਪ ਰਸਮਈ ਵੀ ਹੋ ਸਕਦੀ ਆ ਜੇਕਰ ਉਹ ਹਾਲਾਤ ਤੋਂ ਪ੍ਰਭਾਵਿਤ ਚੁੱਪ ਨਾ ਹੋਵੇ ਤਾਂ। ਚੁੱਪ ਰਹਿਣ ਨਾਲ ਜੇਕਰ ਤੁਹਾਡੇ ਅੰਦਰ ਸ਼ਾਂਤੀ , ਨਿਮਰਤਾ ਤੇ ਸਹਿਜ ਬਣ ਰਿਹਾ ਤਾਂ ਚੁੱਪ ਰਹਿਣ ਚ ਕੋਈ ਨੁਕਸਾਨ ਨਹੀਂ। ਅੰਦਰੋਂ ਮਾਰਨ ਵਾਲੀ ਚੁੱਪ ਬਹੁਤ ਖ਼ਤਰਨਾਕ ਹੋ ਸਕਦੀ ਆ। ਇਹ ਚੁੱਪ ਜਿੰਨਾ ਹੋਣਾ ਔਖਾ ਉਂਨਾਂ ਈ ਤੋੜਨਾ ਵੀ। ਅਸੀਂ ਤੁਹਾਡੇ ਲਈ ਕੁਝ ਕਵਿਤਾਵਾਂ, ਸਤਰਾਂ ਅਤੇ quotes ਲਾਇ ਕੇ ਆਏ ਹਾਂ ਜੋ ਤੁਹਾਨੂੰ ਜਰੂਰ ਪਸੰਦ ਆਉਣਗੀਆਂ।.

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ - ਪਾਸ਼ 

ਚੁੱਪ ਸੱਭ ਤੋਂ ਵੱਡਾ ਜਵਾਬ ਹੁੰਦਾ ਕਈ ਉਹਨਾਂ ਸਵਾਲਾਂ ਦਾ ਜਿਹਨਾਂ ਨੂੰ ਤੁਸੀਂ ਅਹਿਮੀਅਤ ਜਾ ਬੋਲ ਕੇ ਜਵਾਬ ਨਾ ਦੇਣਾ ਚਾਹੋ

ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ..

ਡੂੰਘੀ ਚੁੱਪ ਵੀ ਸੱਜਣਾਂ ਬਹੁਤ ਕੁੱਝ ਬੋਲਦੀ ਹੈ
ਜੇ ਕੋਈ ਸੁਨਣ ਵਾਲਾ ਹੋਵੇ

ਮੈਂ ਤੋਂ ਇਸ ਬਾਤ ਸੇ ਚੁੱਪ ਹੂੰ ਕਿ ਤਮਾਸ਼ਾ ਨਾ ਬਣੇ
ਤੂੰ ਸਮਝਤਾ ਹੈ ਮੁਝੇ ਤੁਝਸੇ ਗਿਲ਼ਾ ਕੁੱਛ ਭੀ ਨਹੀਂ

ਚੁੱਪ ਰਹਿਣ ਵਾਲੇ ਆਦਮੀ ਨੂੰ ਐਵੇਂ ਨਾ ਸਮਝੋ ਹੋ ਸਕਦਾ ਹੈ
ਉਸਦੀ ਚੁੱਪ ਹੇਠਾਂ ਗੁਣਾਂ ਦਾ ਭੰਡਾਰ ਲੁਕਿਆ ਹੋਵੇ
ਨਾਲੇ ਵੈਸੇ ਵੀ ਭਰਿਆ ਬਰਤਨ ਖਾਲੀ ਨਾਲੋਂ ਘੱਟ ਆਵਾਜ਼ ਕਰਦਾ

ਚੁੱਪ ਕਰ ਜਾਣਾ, ਹਰ ਵਾਰ ਡਰਨਾ ਨਹੀਂ ਹੁੰਦਾ...
ਪੱਤਿਆਂ ਦਾ ਝੜ ਜਾਣਾ, ਰੁੱਖਾਂ ਦਾ ਮਰਨਾ ਨਹੀਂ ਹੁੰਦਾ..

ਆਪਣੇ ਖਿਲਾਫ ਗੱਲਾਂ ਚੁੱਪ ਰਹਿ ਕੇ ਸੁਣਦਾ ਹਾਂ
ਮੈ ਜ਼ਵਾਬ ਦੇਣ ਦੀ ਜਿੰਮੇਵਾਰੀ ਵਕਤ ਨੂੰ ਦਿਤੀ ਹੈ.

ਚੁੱਪ ਖਾਲੀ ਨਹੀਂ ਹੁੰਦੀ ਸਗੋਂ ਕਈ ਸਾਰੇ ਜਵਾਬਾਂ ਨਾਲ ਭਰੀ ਹੁੰਦੀ ਹੈ...

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ.
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!

ਰੱਬ ਨਾ ਕਰੇ ਕੋਈ ਐਸੀ ਚੁੱਪ ਚ ਜਾਵੇ ਜਿੱਥੋਂ ਮੁੜਨ ਵਾਲਾ ਰਾਹ ਪੁੱਠੇ ਪੈਂਰੀ ਚੱਲਣਾ ਪਵੇ। ਹਮੇਸ਼ਾ ਬਹੁਤ ਬੋਲਣ ਵਾਲਾ ਵਿਅਕਤੀ ਜੇਕਰ ਅਚਾਨਕ ਚੁੱਪ ਰਹਿਣ ਲੱਗ ਜਾਵੇ ਤਾਂ ਵਜ੍ਹਾ ਜਾਨਣ ਦੀ ਕੋਸ਼ਿਸ਼ ਕਰਨੀ ਬਣਦੀ ਆ। ਜੇਕਰ ਕਿਸੇ ਦੋਸਤ, ਮਿੱਤਰ, ਜਾਂ ਕਰੀਬੀ ਨਾਲ ਗੱਲ ਨਈ ਹੋਈ ਤਾਂ ਫ਼ੋਨ ਕਰਕੇ ਦੋ ਚਾਰ ਬੇਤੁਕੀਆਂ ਗੱਲਾਂ ਹੀ ਮਾਰ ਲਿਆ ਕਰੋ। ਕਈ ਵਾਰ ਸਹੀ ਸਮੇਂ ਤੇ ਕਰੀ ਇਕ ਫ਼ੋਨ ਕਾਲ ਬਹੁਤ ਕੁਝ ਬਦਲ ਸਕਦੀ ਹੈ।  ਕੰਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵਿਸ਼ਾ ਕਿੱਦਾਂ ਦਾ ਲੱਗਾ ਜੇਕਰ ਇਹ ਤੁਹਾਨੂੰ ਪਸੰਦ ਆਇਆ ਤਾਂ ਅਸੀਂ ਹੋਰ ਵਿਸ਼ੇ ਤੁਹਾਡੇ ਲਈ ਲੈ ਕੇ ਆਵਾਂਗੇ।.


Views: 900